ਬਾਬਾ ਜੀ ਸਤਿਸੰਗ ਡੇਰਾ ਵਿੱਚ ਸੰਗਤ ਤੇ ਹਜੂਰ ਜੀ ਦੇ ਨਾਲ

ਅੱਜ ਬਾਬਾ ਜੀ ਨੇ ਡੇਰਾ ਬਿਆਸ ਵਿੱਚ ਸਤਸੰਗ ਫਰਮਾਇਆ। ਅੱਜ ਬਾਬਾ ਜੀ ਸਟੇਜ ਉੱਤੇ ਸਤਿਸੰਗ ਸ਼ੁਰੂ ਹੋਣ ਤੋਂ 10 ਮਿੰਟ ਪਹਿਲਾਂ ਆ ਗਏ ਸੀ। ਜਦ ਬਾਬਾ ਜੀ ਸਟੇਜ ਉੱਤੇ ਆਏ ਤਾਂ ਇੱਕ ਸ਼ਬਦ ਗਾਇਆ ਜਾ ਰਿਹਾ ਸੀ ਜੋ ਕਿ ਸੰਤ ਸੂਰਦਾਸ ਜੀ ਦਾ ਸ਼ਬਦ ਹੈ। ਇਸ ਤੋਂ ਬਾਅਦ ਬਾਬਾ ਜੀ ਨੇ ਸਤਸੰਗ ਸ਼ੁਰੂ ਕੀਤਾ। ਬਾਬਾ ਜੀ ਨੇ ਅੱਜ ਹਰ ਕੀ ਪੂਜਾ ਦੁਲੰਭ ਹੈ ਸੰਤੋ ਉੱਤੇ ਸਤਿਸੰਗ ਕੀਤਾ ਜੋ ਕਿ ਗੁਰੂ ਅਮਰਦਾਸ ਜੀ ਦੀ ਬਾਣੀ ਹੈ। ਬਾਬਾ ਜੀ ਨੇ ਅੱਜ ਇੱਕ ਘੰਟੇ ਤੱਕ ਸਤਿਸੰਗ ਕੀਤਾ। ਸਤਿਸੰਗ ਦੀ ਸ਼ੁਰੂਆਤ ਵਿੱਚ ਬਾਬਾ ਜੀ ਨੇ ਕਿਹਾ ਕਿ ਇਹ ਗੁਰੂ ਘਰ ਦੀ ਬਾਣੀ ਹੈ ਤੇ ਆਪ ਸਾਨੂੰ ਸਮਝਾਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਸੀਂ ਭਗਤੀ ਕਿਹਦੀ ਕਰਨੀ ਹੈ ਤੇ ਕਿਹੜਾ ਸਾਧਨ ਅਪਨਾਣਾ ਹੈ। 

ਬਾਬਾ ਜੀ ਨੇ ਅੱਗੇ ਕਿਹਾ ਕਿ ਅਸੀਂ ਸਾਰੇ ਅਲੱਗ ਅਲੱਗ ਧਰਮਾਂ ਵਿੱਚ ਪੈਦਾ ਹੋਏ ਹਾਂ ਇਸ ਲਈ ਸਾਡੇ ਧਰਮਾਂ ਦੇ ਤੋਰ ਤਰੀਕੇ ਵੀ ਅਲੱਗ ਅਲੱਗ ਹਨ ਪਰ ਜੋ ਅੰਦਰ ਦਾ ਰਾਸਤਾ ਹੈ ਉਹ ਸਾਰਿਆਂ ਧਰਮਾਂ ਦਾ ਇੱਕ ਹੀ ਹੈ। ਅੱਜ ਤੱਕ ਕਿਸੇ ਵੀ ਧਰਮ ਨੇ ਇਹ ਨਹੀਂ ਕਿਹਾ ਕਿ ਮਾਲਿਕ ਦੋ ਹਨ ਜਾਂ ਤਿੰਨ ਹਨ ਸਾਰੇ ਧਰਮਾਂ ਨੇ ਉਸ ਇੱਕ ਕੁੱਲ ਮਾਲਿਕ ਦੀ ਔਰ ਇਸ਼ਾਰਾ ਕੀਤਾ ਹੈ। ਪਲਟੂ ਸਾਹਿਬ ਜੀ ਨੇ ਵੀ ਕਿਹਾ ਸੀ ਪਲਟੂ ਏਕ ਹੀ ਏਕ ਹੈ ਦੂਸਰ ਨਾਹਿ ਕੋਇ। ਬਾਬਾ ਜੀ ਨੇ ਅੱਗੇ ਕਿਹਾ ਕਿ ਅਗਰ ਮਾਲਿਕ ਇੱਕ ਹੈ ਤਾਂ ਅਸੀਂ ਆਪਣੇ ਆਪ ਨੂੰ ਅਨੇਕਤਾ ਵਿੱਚ ਕਿਉਂ ਵੰਡਿਆ ਹੋਇਆ ਹੈ। ਮਾਲਿਕ ਨੂੰ ਪਾਉਣ ਲਈ ਪਾਠ ਪੂਜਾ ਤਾਂ ਅਸੀਂ ਕਰ ਰਹੇ ਹਾਂ ਪਰ ਆਪਣੇ ਮਨ ਦੇ ਅਧੀਨ ਹੋ ਕੇ।  ਮਾਲਕ ਨੂੰ ਅਸੀਂ ਬਾਹਰ ਲੱਭਣ ਵਿੱਚ ਲੱਗੇ ਹੋਏ ਹਾਂ ਜਦ ਕਿ ਗੁਰੂ ਘਰ ਨੇ ਫਰਮਾਇਆ ਸੀ ਸਭੁ ਕਿਛੁ ਘਰ ਮੇ ਬਾਹਰ ਨਾਹੀ ਬਾਹਰ ਢੂੰਢੇ ਪਰਮ ਭੁਲਾਹੀ। 

ਇਹ ਠੀਕ ਹੈ ਕਿ ਅਲੱਗ ਅਲੱਗ ਯੁਗਾਂ ਵਿੱਚ ਮਾਲਕ ਦੀ ਭਗਤੀ ਦੇ ਅਲੱਗ ਅਲੱਗ ਸਾਧਨ ਸੀ ਪਰ ਇਸ ਕਲਯੁਗ ਵਿੱਚ ਭਜਨ ਸਿਮਰਨ ਤੋਂ ਇਲਾਵਾ ਹੋਰ ਕੋਈ ਸਾਧਨ ਨਹੀਂ ਹੈ ਜੋ ਸਾਨੂੰ ਮੁਕਤੀ ਦਿਲਾ ਸਕੇ। ਇਸ ਲਈ ਅੱਜ ਤੱਕ ਅਸੀਂ ਸਹੀ ਯੁਕਤੀ ਦਾ ਪਤਾ ਨਹੀਂ ਲਗਾ ਪਾਏ ਤੇ ਸਾਨੂੰ ਇਹੀ ਨਹੀਂ ਪਤਾ ਕਿ ਭਗਤੀ ਕਰਨੀ ਕਿਸ ਦੀ ਹੈ। ਬਾਹਰਮੁਖੀ ਸਾਧਨ ਸਾਡਾ ਧਿਆਨ ਬਾਹਰਮੁਖੀ ਹੀ ਰੱਖਣਗੇ। ਫਿਰ ਬਾਬਾ ਜੀ ਨੇ ਅੱਗੇ ਸਮਝਾਇਆ ਕਿ ਸਾਡੀ ਇੱਥੇ ਇੱਕ ਸੋਚ ਹੈ ਕਿ ਜਦੋਂ ਅਸੀਂ ਕਿਸੇ ਰਿਸ਼ਤੇਦਾਰ ਦੇ ਘਰ ਜਾਂਦੇ ਹਾਂ ਤਾਂ ਖਾਲੀ ਹੱਥ ਨਾ ਜਾਈਏ। ਇਸ ਲਈ ਅਸੀਂ ਕੋਈ ਨਾ ਕੋਈ ਤੋਹਫਾ ਜਾਂ ਕੋਈ ਖਾਣ ਪੀਣ ਵਾਲੀ ਚੀਜ਼ ਨਾਲ ਲੈ ਕੇ ਜਾਂਦੇ ਹਾਂ। ਇਸੇ ਤਰ੍ਹਾਂ ਜਦੋਂ ਅਸੀਂ ਭਜਨ ਸਿਮਰਨ ਉੱਤੇ ਬੈਠਣਾ ਹੈ ਤਾਂ ਅਸੀਂ ਮਾਲਕ ਨੂੰ ਕੀ ਅਰਪਣ ਕਰਨਾ ਹੈ। ਕੀ ਮਾਲਿਕ ਨੂੰ ਸਾਡੀ ਧਨ ਦੌਲਤ ਚਾਹੀਦੀ ਹੈ? ਇਹ ਸਭ ਤਾਂ ਮਾਲਿਕ ਨੇ ਹੀ ਦਿੱਤਾ ਹੈ। ਮਾਲਿਕ ਨੂੰ ਅਸੀਂ ਉਹ ਦੇਣਾ ਹੈ ਜੋ ਸਾਡਾ ਖੁਦ ਦਾ ਹੈ। ਬਾਬਾ ਜੀ ਨੇ ਫਿਰ ਫਰਮਾਇਆ ਕਿ ਅਗਰ ਇਨਸਾਨ ਨੇ ਆਪਣਾ ਕੁਝ ਬਣਾਇਆ ਹੈ ਤਾਂ ਉਹ ਮੈਂ ਤੇ ਮੇਰੀ ਹੈ। ਅਸੀਂ ਆਪਣੀ ਮੈਂ ਤੇ ਮੇਰੀ ਨੂੰ ਮਾਲਕ ਅੱਗੇ ਸਪੁਰਦ ਕਰਨਾ ਹੈ ਫਿਰ ਮਾਲਕ ਦੀ ਜਿੰਮੇਵਾਰੀ ਬਣਦੀ ਹੈ। 

ਅਗਰ ਅਸੀਂ ਮੈਂ ਤੇ ਮੇਰੀ ਵਿੱਚ ਹੀ ਫਸੇ ਰਹਿਣਾ ਹੈ ਤਾਂ ਫਿਰ ਇਹ ਬੋਝ ਵੀ ਸਾਨੂੰ ਹੀ ਚੁੱਕਣਾ ਪਵੇਗਾ। ਫਿਰ ਅੱਗੇ ਸ਼ਬਦ ਵਿੱਚ ਇੱਕ ਤੁਕ ਆਉਂਦੀ ਹੈ ਬਾਬਾ ਜੀ ਨੇ ਸਮਝਾਇਆ ਕਿ ਇਹ ਨਹੀਂ ਹੈ ਕਿ ਅਸੀਂ ਕੁਝ ਨਹੀਂ ਕਰਦੇ ਅਸੀਂ ਸਾਰੇ ਪੂਜਾ ਪਾਠ ਵਿੱਚ ਲੱਗੇ ਹੋਏ ਹਾਂ ਪਰ ਆਪਣੇ ਮਨ ਦੇ ਅਧੀਨ ਹੋ ਕੇ ਕੋਈ ਸਰੋਵਰ ਵਿੱਚ ਇਸ਼ਨਾਨ ਕਰ ਰਿਹਾ ਹੈ ਤੇ ਕੋਈ ਨੱਕ ਰਗੜ ਰਗੜ ਕੇ ਮੱਥਾ ਟੇਕਣ ਵਿੱਚ ਲੱਗਾ ਹੋਇਆ ਹੈ। ਬਾਬਾ ਜੀ ਨੇ ਕਿਹਾ ਕਿ ਸੱਚਾ ਸਰੋਵਰ ਤਾਂ ਸਾਡੇ ਅੰਦਰ ਹੈ ਜਿਸ ਵਿੱਚ ਜਾ ਕੇ ਸਾਡੇ ਕਰਮ ਖਤਮ ਹੋਣਗੇ ਅਲੱਗ ਅਲੱਗ ਯੁਗਾਂ ਵਿੱਚ ਭਗਤੀ ਦੇ ਅਲੱਗ ਅਲੱਗ ਸਾਧਨ ਸੀ ਪਰ ਇਸ ਯੁਗ ਵਿੱਚ ਨਾ ਤਾਂ ਕਿਸੇ ਦੀ ਇਨੀ ਉਮਰ ਹੈ ਤੇ ਨਾ ਹੀ ਇੰਨੀ ਸ਼ਕਤੀ ਹੈ ਕਿ ਉਹਨਾਂ ਸਾਧਨਾਂ ਨੂੰ ਅਪਣਾ ਕੇ ਮੁਕਤੀ ਹਾਸਲ ਕਰ ਸਕੀਏ। ਇਸ ਯੁਗ ਵਿੱਚ ਸਿਰਫ ਭਜਨ ਸਿਮਰਨ ਹੀ ਹੈ ਜੋ ਸਾਨੂੰ ਮੁਕਤੀ ਦਿਲਾ ਸਕਦਾ ਹੈ। ਆਪਣੇ ਆਪ ਨੂੰ ਉਸ ਸ਼ਬਦ ਦੇ ਨਾਲ ਜੋੜਾਂਗੇ ਤਦ ਜਾ ਕੇ ਅਸੀਂ ਇਹਨਾਂ ਕਰਮਾਂ ਤੋਂ ਛੁਟਕਾਰਾ ਹਾਸਿਲ ਕਰ ਸਕਾਂਗੇ। ਨਹੀਂ ਤਾਂ ਐਵੇਂ ਹੀ 84 ਦਾ ਚੱਕਰ ਚੱਲਦਾ ਰਹੇਗਾ। 

ਫਿਰ ਬਾਬਾ ਜੀ ਨੇ ਅੱਗੇ ਸਮਝਾਉਂਦੇ ਹੋਏ ਕਿਹਾ ਕਿ ਜਦ ਕਿਸੇ ਨੂੰ ਮੌਕਾ ਮਿਲਦਾ ਹੈ ਤਾਂ ਕੋਈ ਕੱਪੜਿਆਂ ਨੂੰ ਹੱਥ ਲਗਾਉਂਦਾ ਹੈ ਤੇ ਕੋਈ ਪੈਰਾਂ ਨੂੰ ਹੱਥ ਲਗਾਉਂਦਾ ਹੈ। ਹਜੂਰ ਜੀ ਨੇ 40 ਸਾਲ ਤੱਕ ਕੀ ਸਮਝਾਇਆ ਸੀ ਸਤਸੰਗ ਵਿੱਚ ਕਿੰਨੀ ਵਾਰ ਸਮਝਾਇਆ ਜਾਂਦਾ ਹੈ ਕਿ ਜੋ ਮਾਲਿਕ ਨੇ ਦੇਣਾ ਸੀ ਉਹ ਸਾਨੂੰ ਦੇ ਦਿੱਤਾ ਹੈ। ਸਾਨੂੰ ਬਸ ਪਹਿਚਾਣ ਕਰਨ ਦੀ ਲੋੜ ਹੈ ਪਰ ਅਸੀਂ ਫਿਰ ਵੀ ਇਹਨਾਂ ਬਾਹਰ ਮੁਖੀ ਚੀਜ਼ਾਂ ਵਿੱਚ ਫਸੇ ਰਹਿੰਦੇ ਹਾਂ। ਬਾਬਾ ਜੀ ਨੇ ਕਿਹਾ ਕਿ ਸੱਚ ਇਹੀ ਹੈ ਕਿ ਜੋ ਖੁਦ ਕਰਨੀ ਕਰੇਗਾ ਉਸ ਨੂੰ ਹੀ ਮਿਲੇਗਾ ਕਿਸੇ ਹੋਰ ਦੀ ਕਰਨੀ ਤੋਂ ਅਸੀਂ ਕੁਝ ਹਾਸਲ ਨਹੀਂ ਕਰ ਸਕਦੇ। ਇਸ ਲਈ ਸਾਨੂੰ ਖੁਦ ਆਪਣੇ ਧਿਆਨ ਨੂੰ ਅੰਤਰਮੁਖੀ ਕਰਨਾ ਹੈ ਆਪਣੇ ਅੰਦਰ ਤੋਂ ਮਹਿਸੂਸ ਕਰਨਾ ਹੈ। ਜਦ ਤੱਕ ਅਸੀਂ ਖੁਦ ਇਹਨਾਂ ਚੀਜ਼ਾਂ ਨੂੰ ਆਪਣੇ ਅੰਦਰ ਤੋਂ ਮਹਿਸੂਸ ਨਹੀਂ ਕਰਾਂਗੇ ਸਾਡਾ ਵਿਸ਼ਵਾਸ ਨਹੀਂ ਬਣੇਗਾ। 

ਫਿਰ ਬਾਬਾ ਜੀ ਨੇ ਅੱਗੇ ਸਮਝਾਇਆ ਕਿ ਕਿਸੇ ਘਰ ਵਿੱਚ ਕੋਈ ਜਿਆਦਾ ਭਜਨ ਸਿਮਰਨ ਕਰਨ ਵਾਲਾ ਹੋਵੇ ਤਾਂ ਅਸੀਂ ਮਜ਼ਾਕ ਵਿੱਚ ਕਹਿ ਦਿੰਨੇ ਹਾਂ ਕਿ ਅਸੀਂ ਵੀ ਉਸ ਦੇ ਕੱਪੜਿਆਂ ਨੂੰ ਪਕੜ ਕੇ ਤਰ ਜਾਵਾਂਗੇ। ਬਾਬਾ ਜੀ ਨੇ ਕਿਹਾ ਕਿ ਇਹ ਸਭ ਮਜਾਕ ਦੀਆ ਗੱਲਾਂ ਹਨ ਇਦਾਂ ਕੋਈ ਨਹੀਂ ਤਰਦਾ ਜੋ ਭਗਤੀ ਕਰੇਗਾ ਸਿਰਫ ਉਸ ਨੂੰ ਹੀ ਮਿਲੇਗਾ। ਇਹ ਸਾਰੀਆਂ ਸਾਡੀਆਂ ਝੂਠੀਆਂ ਤਸੱਲੀਆਂ ਹਨ ਅਸੀਂ ਭਰਮ ਵਿੱਚ ਜਨਮ ਲੈਂਦੇ ਹਾਂ ਭ੍ਰਮ ਵਿੱਚ ਸਾਰੀ ਜ਼ਿੰਦਗੀ ਗੁਜ਼ਾਰ ਦਿੰਦੇ ਹਾਂ ਕਦੇ ਸੱਚ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ। ਫਿਰ ਅੰਤ ਵਿੱਚ ਬਾਬਾ ਜੀ ਨੇ ਸਮਝਾਉਂਦੇ ਹੋਏ ਕਿਹਾ ਕਿ ਬਾਣੀ ਵਿੱਚ ਹੁਕਮ ਇੱਕ ਹੀ ਹੈ ਨਾਨਕ ਦੇ ਘਰ ਕੇਵਲ ਨਾਮ। ਉਸ ਮਾਲਿਕ ਦੇ ਘਰ ਵਿੱਚ ਸਾਡੇ ਕੁੱਲ ਨੂੰ ਨਹੀਂ ਦੇਖਿਆ ਜਾਵੇਗਾ ਤੇ ਨਾ ਹੀ ਸਾਡੇ ਧਰਮ ਦੇਖੇ ਜਾਣਗੇ ਉੱਥੇ ਸਿਰਫ ਸਾਡੀ ਸ਼ਬਦ ਦੀ ਕਮਾਈ ਦੇਖੀ ਜਾਵੇਗੀ ਤੇ ਕੋਈ ਵੀ ਚੀਜ਼ ਸਾਡੇ ਨਾਲ ਨਹੀਂ ਜਾਵੇਗੀ। ਇਸ ਲਈ ਅਸੀਂ ਆਪਣੇ ਆਪ ਨੂੰ ਉਸ ਕ੍ਰੀਏਟਿਵ ਪਾਵਰ ਦੇ ਨਾਲ ਜੋੜਨਾ ਹੈ ਤਦ ਹੀ ਅਸੀਂ ਉਸ ਮੁਕਾਮ ਨੂੰ ਹਾਸਿਲ ਕਰ ਸਕਾਂਗੇ।

Posted by:- Harjit Singh